|
ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਵਲੋਂ ਟਰਾਂਟੋ ਵਿੱਚ ਅਸਲੀ ‘ਨਾਨਕਸ਼ਾਹੀ ਕੈਲੰਡਰ’ ਜਾਰੀ ਕੀਤਾ
ਟਰਾਂਟੋ ਵਿਚਲੇ ਤੱਤ ਗੁਰਮਤਿ ਪ੍ਰਚਾਰ ਦੇ ਕੇਂਦਰ ਗੁਰਦਆਰਾ ਸਿੱਖ ਲਹਿਰ (ਬਰੈਂਮਟਨ) ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਥਾਪਤ ਖ਼ਾਲਸਾ ਰਾਜ ਦੀ ਤੀਜੀ ਸ਼ਤਾਬਦੀ ਨੂੰ ਸਮਰਪਤ 16 ਮਈ ਐਤਵਾਰ ਨੂੰ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਭਾਗ ਲੈਣ ਵਾਸਤੇ ਦੇਸ਼ ਵਿਦੇਸ਼ ਦੀਆਂ ਸਮੂਹ ਜਾਗਰੂਕ ਸਿੱਖ ਜਥੇਬੰਦੀਆਂ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਪੰਥ ਤੇ ਪੰਜਾਬ ਦੀ ਤਕਦੀਰ ਬਦਲਣ ਲਈ ਯਤਨਸ਼ੀਲ ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਦੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਚਕ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਦਾ ਵਿਸ਼ਾ ਸੀ ‘ਪਹਿਲਾ ਸਿੱਖ ਰਾਜ ਕਿਵੇਂ ਸਥਾਪਤ ਹੋਇਆ’। ਉਨ੍ਹਾਂ ਕਹਿਆ ਕਿ ਰਿਣੀ ਹੋਣਾ ਚਾਹੀਦਾ ਸੀ ਸਮੁੱਚੇ ਭਾਰਤ ਵਾਸੀਆਂ ਨੂੰ ਖ਼ਾਲਸਾ ਪੰਥ ਦੇ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਦੀ ਅਗਵਾਈ ਵਿੱਚ ਦੱਖਣ-ਏਸ਼ਆਈ ਜਜ਼ੀਰੇ ਦੀ 1000 ਸਾਲ ਦੀ ਅਤੇ ਪੰਜਾਬ ਦੀ 700 ਸਾਲ ਦੀ ਗਲਾਮੀ ਕੱਟ ਕੇ ਖ਼ਾਲਸਾ ਰਾਜ ਦੀ ਸਥਾਪਨਾ ਕਰਦਿਆਂ ਦੁਨੀਆ ਦੇ ਇਤਿਹਾਸ ਵਿੱਚ ਲੋਕ ਰਾਜ ਸਥਾਪਤ ਕੀਤਾ। ਪਰ, ਦੁੱਖ ਦੀ ਗੱਲ ਹੈ ਉਥੋਂ ਦੇ ਸੱਤਾਧਾਰੀ ਲੋਕ ਖ਼ਾਲਸੇ ਦੇ ਧੰਨਾਵਾਦੀ ਹੋਣ ਦੀ ਥਾਂ, ਦਿਨ ਰਾਤ ਉਹਦੀ ਅਜ਼ਾਦ ਤੇ ਨਿਆਰੀ ਹੋਂਦ ਨੂੰ ਮਿਟੌਣ ਦੇ ਮਨਸੂਬੇ ਘੜਦੇ ਰਹਿੰਦੇ ਹਨ। ਜਾਚਕ ਜੀ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਕਿ 14 ਮਈ ਸੰਨ 1710 ਵਿੱਚ ਸਰਹਿੰਦ ਫਤਹਿ ਕਰਕੇ ਖ਼ਾਲਸਾ ਰਾਜ ਦੇ ਝੂਲਾਏ ‘ਨੀਲੇ ਨਿਸ਼ਾਨ ਸਾਹਿਬ’ ਦਾ ਵੀ ਭਗਵਾਂਕਰਨ ਹੋ ਚੁੱਕਾ ਹੈ, ਜਿਸ ਪ੍ਰਤੀ ਪ੍ਰਤੀ ਪੰਥ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਕਨੇਡਾ ਨਿਵਾਸੀ ਪ੍ਰਸਿੱਧ ਵਿਦਵਾਨ ਡਾ: ਗੁਰਦੇਵ ਸਿੰਘ ਸੰਘਾ ਦਾ ਪੇਪਰ ਸੀ ‘ਸਿੱਖ ਰਾਜ ਕਿਵੇਂ ਗਿਆ’। ਉਨ੍ਹਾਂ ਕਿਹਾ ਕਿ ਸਿੱਖ ਸ਼ਕਤੀ ਦਾ ਸੋਮਾ ਸੀ ਗੁਰਦੁਆਰਾ, ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਦੁਨੀਆ ਵਿੱਚ ਅੱਜ ਕੋਈ ਵੀ ਅਜਿਹਾ ਗੁਰਅਸਥਾਨ ਨਹੀ, ਜਿਸ ਦੇ ਵਰਤਾਰੇ ਨੂੰ ਗੁਰਦੁਆਰੇ ਦੇ ਮਾਡਲ ਵਜੋਂ ਦੇਖਿਆ ਜਾ ਸਕੇ।
ਅਸਟ੍ਰੇਲੀਆ ਤੋਂ ਖਾੜਕੂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਭਾਈ ਵਿਜੈਪਾਲ ਸਿੰਘ ਆਏ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਬਿਆਨਦਿਆਂ ਉਸ ਪਿਛੋਕੜ ਤੇ ਪ੍ਰਭਾਵਾਂ ਦਾ ਵਰਨਣ ਕੀਤਾ। ‘ਪੰਜਾਬੀ ਡੇਲੀ (ਟਰਾਂਟੋ) ‘ਦੇ ਐਡੀਟਰ ਅਤੇ ਬੇਬਾਕ ਖ਼ਾਲਸਈ ਬੁਲਾਰੇ ਭਾਈ ਸੁਖਵਿੰਦਰ ਸਿੰਘ ਹੰਸਰਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੀ ਚੜ੍ਹਦੀ ਕਲਾ ਵਾਲੀ ਪੰਥਕ ਸਥਿਤੀ ਦਾ ਵਰਨਣ ਕਰਦਿਆਂ ਬਾਦਲ ਦੀ ਅਗਵਾਈ ਵਿੱਚ ਆਏ ਪੰਥਕ ਨਿਘਾਰ ਨੂੰ ਵੀ ਬੇਬਾਕੀ ਨਾਲ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਜੇ ਬਾਬਾ ਬੰਦਾ ਸਿੰਘ ਦਾ ਸਥਾਪਤ ‘ਖ਼ਾਲਸਾ ਰਾਜ’ ਵਧੀਆ ਸੀ ਤਾਂ ਫਿਰ ਹੁਣ ਅਜ਼ਾਦ ਖ਼ਾਲਸਾ ਰਾਜ ਤੋਂ ਡਰ ਕਿਉਂ ਲਗ ਰਿਹਾ ਹੈ?
ਸਿੱਖ ਲਹਿਰ ਦੇ ਵਿਦਾਵਨ ਜਨਰਲ ਸਕਤਰ ਭਾਈ ਗੁਰਦੇਵ ਸਿੰਘ ਸੰਧਾਵਾਲੀਆ ਦੀ ਸਿਹਤ ਠੀਕ ਨਾ ਹੋਣ ਕਰਕੇ ਸਟੇਜ ਨੂੰ ਭਾਈ ਜਗਦੀਸ਼ ਸਿੰਘ ਮਾਂਗਟ ਨੇ ਬਾਖ਼ੂਬੀ ਸੰਭਾਲਿਆ। ਬਜ਼ੁਰਗ ਸਤਿਸੰਗੀ ਕਹਿ ਰਹੇ ਸਨ ਕਿ ਅਸੀਂ ਪਿਛਲੇ 38 ਸਾਲ ਵਿੱਚ ਟਰਾਂਟੋ ਵਿੱਚ ਅੱਜ ਵਰਗਾ ਜਾਣਕਾਰੀ ਭਰਪੂਰ ਸ਼ਾਨਦਾਰ ਸਮਾਗਮ ਨਹੀ ਸੁਣਿਆ ਅਤੇ ਨਾ ਹੀ ਦੇਖਿਆ ਹੈ। ਅਖ਼ੀਰ ਵਿੱਚ ਟਰਾਂਟੋ ਦੇ ਸਾਬਕਾ ਜੱਜ ਅਤੇ ਸਭਾ ਦੇ ਪ੍ਰਧਾਨ ਭਾਈ ਮਨਜੀਤ ਮਾਂਗਟ ਨੇ ਆਪਣੇ ਸਾਥੀਆਂ ਤੇ ਆਏ ਵਿਦਵਾਨਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਵਲੋਂ ਪੰਜਾਬ ਵਿੱਚ ਚਲਾਈ ਜਾ ਰਹੀ ਸਿੱਖ ਜਾਗ੍ਰਤੀ ਲਹਿਰ ਦੀ ਸ਼ਲਾਘਾ ਕੀਤੀ ਅਤੇ ਦਲ ਵਲੋਂ ਖ਼ਾਲਸਾ ਰਾਜ ਦੀ ਤੀਜੀ ਸ਼ਤਾਬਦੀ ਨੂੰ ਸਮਰਪਤ ਪ੍ਰਕਾਸ਼ਿਤ ਕੀਤਾ ਮੂਲਿਕ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ।
ਉਨ੍ਹਾਂ ਨੇ ਆਏ ਵਿਦਵਾਨਾਂ, ਸਿੱਖ ਸੰਗਤਾਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਚਿੰਤਾ ਪ੍ਰਗਟ ਕੀਤੀ ਕਿ ਜੇ ਕਰ ਵਿਦੇਸ਼ੀਂ ਵਸਦੇ ਸਿੱਖ ਭਾਈਚਾਰੇ ਨੇ ਕ੍ਰਿਪਾਨ ਦੀ ਦੁਰਵਰਤੋਂ ਨਾ ਰੋਕੀ ਤਾਂ ਇਸ ਤੇ ਪਾਬੰਦੀ ਵੀ ਲਗ ਸਕਦੀ ਹੈ। ਕਿਉਂਕਿ, ਹਕੂਮਤਾਂ ਤਾਂ ਬਹਾਨਾ ਹੀ ਭਾਲਦੀਆਂ ਹਨ।
ਜਾਰੀ ਕਰਤਾ: ਨਰਿੰਦਰ ਸਿੰਘ ਮੱਟੂ ਮੈਬਰ ਸਿੱਖ ਲਹਿਰ ਟਰਾਂਟੋ
|